ਮੀਡੀਆ ਚੌਪਾਲ ‘ਚ ਪੰਜਾਬ ਦੀ ਪਵਿੱਤਰ ਵੇਈਂ ਦੀ ਚਰਚਾ
ਸੰਤ ਸੀਚੇਵਾਲ ਵੱਲੋਂ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਲੋਕਾਂ ਨੂੰ ਪਹਿਲ ਕਦਮੀ ਕਰਨ ਦਾ ਸੱਦਾ
ਭਾਰਤੀ ਜਨ ਸੰਚਾਰ ਸੰਸਥਾਨ ‘ਚ ਨਦੀਆਂ ਨੂੰ ਬਚਾਉਣ ਲਈ ਲੱਗੀ ਤੀਜੀ ਚੌਪਾਲ
ਸੁਲਤਾਨਪੁਰ ਲੋਧੀ 12 ਅਕਤੂਬਰ
ਦਿੱਲੀ ਦੀ ਜਵਾਹਰ ਲਾਲ ਨਹਿੂਰ ਯੂਨੀਵਰਸਿਟੀ ਦੇ ਭਾਰਤੀ ਜਨ ਸੰਚਾਰ ਸੰਸਥਾਨ ‘ਚ ਦੋ ਦਿਨਾਂ ਕਰਵਾਈ ਚੌਪਾਲ ‘ਚ ਦੇਸ਼ ਭਰ ਤੋਂ ਆਏ ਮਾਹਿਰਾਂ ਨੇ ਨਦੀਆਂ ‘ਚ ਵੱਧ ਰਹੇ ਪ੍ਰਦੂਸ਼ਣ ਤੇ ਚਿੰਤਾ ਪ੍ਰਗਟਾਈ ਤੇ ਇੰਨ੍ਹਾਂ ਦੀ ਰੱਖਿਆ ਵਾਸਤੇ ਚਰਚਾ ਕੀਤੀ। ਸੰਗਤਾਂ ਦੇ ਸਹਿਯੋਗ ਨਾਲ ਪੰਜਾਬ ਦੀ ਮੁੜ ਸੁਰਜੀਤ ਕੀਤੀ ਗਈ ਪਵਿੱਤਰ ਕਾਲੀ ਵੇਈਂ ਲਈ ਕੀਤੇ ਕਾਰਜਾਂ ਦੁਆਲੇ ਹੀ ਇਸ ਚੌਪਾਲ ਨੇ ਚਰਚਾ ਕੀਤੀ ।
ਇਸ ਚੌਪਾਲ ‘ਚ ਦੇਸ਼ ਭਰ ਤੋਂ ਮੀਡੀਆ ਨਾਲ ਜੁੜੇ ਹੋਏ ਲੋਕ, ਵਿਗਿਆਨੀ ਤੇ ਸਮਾਜ ਸੇਵੀ ਜੱਥੇਬੰਦੀਆਂ ਨੇ ਹਿੱਸਾ ਲਿਆ ਜਿਹੜੇ ਨਦੀਆਂ ਨੂੰ ਸਾਫ ਸੁਥਰਾ ਰੱਖਣ ਲਈ ਪਿਛਲੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ। ਬੁਲਾਰਿਆ ਨੇ ਗੰਗਾ ਦੇ ਨਾਲ-ਨਾਲ ਹੋਰ ਛੋਟੀਆਂ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਵੀ ਗੱਲ ਰੱਖੀ ਅਤੇ ਨਦੀਆਂ ਪ੍ਰਤੀ ਮੀਡੀਆ ਦੀ ਕੀ ਜਵਾਬਦੇਹੀ ਹੋਣੀ ਚਾਹੀਦੀ ਹੈ ਬਾਰੇ ਵੀ ਚਰਚਾ ਕੀਤੀ ਗਈ।ਨਦੀਆਂ ‘ਤੇ ਭਾਰਤ ਦੇ ਲੋਕ ਨਿਰਭਰ ਹਨ ਤੇ ਨਦੀਆਂ ਦੇਸ਼ ਦੇ ਲੋਕਾਂ ਦੀਆਂ ਰੁਹ ਰੀਤਾਂ ‘ਚ ਵੀ ਵਸੀਆ ਹੋਈਆ ਹਨ।
ਇਸ ਕੌਮੀ ਪੱਧਰ ਦੀ ਚੌਪਾਲ ‘ਚ ਪੰਜਾਬ ਦੀ ਪਵਿੱਤਰ ਕਾਲੀ ਵੇਈਂ ਦੀ ਸੰਗਤਾਂ ਵੱਲੋਂ ਕੀਤੀ ਗਈ ਕਾਰ ਸੇਵਾ ਬਾਰੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸਥਾਰ ਨਾਲ ਦੱਸਿਆ।ਇਸ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ ਸੰਤ ਸੀਚੇਵਾਲ ਨੇ ਕਾਲੀ ਵੇਈਂ ਦੀ ਕਾਰ ਸੇਵਾ ਦਾ ਜ਼ਿਕਰ ਕਰਦਿਆ ਦੱਸਿਆ ਕਿ ਲੋਕਾਂ ਨੂੰ ਸਰਕਾਰਾਂ ‘ਤੇ ਟੇਕ ਰੱਖਣ ਨਾਲੋਂ ਆਪਣੇ ਇਲਾਕੇ ਦੇ ਪਾਣੀ ਦੇ ਸਰੋਤਾਂ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ 14 ਸਾਲਾਂ ਵਿੱਚ ਇੱਕ ਇਤਿਹਾਸਕ ਨਦੀਂ ਨੂੰ ਮੁੜ ਸੁਰਜੀਤ ਕਰਕੇ ਦੇਸ਼ ਦੇ ਲੋਕਾਂ ਸਾਹਮਣੇ ਇੱਕ ਸਾਰਥਿਕ ਮਾਡਲ ਰੱਖਿਆ ਹੈ।ਉਨ੍ਹਾਂ ਦੱਸਿਆ ਕਿ ਪਾਣੀ ਦੇ ਕੁਦਰਤੀ ਸਰੋਤਾਂ ਨਾਲ ਸਾਂਝੇਦਾਰੀ ਪਾਏ ਬਿਨ੍ਹਾਂ ਕੀਤਾ ਜਾਣ ਵਾਲਾ ਵਿਕਾਸ ਤਬਾਹੀ ਵੱਲ ਲੈ ਜਾਵੇਗਾ।ਉਨ੍ਹਾਂ ਸੱਦਾ ਦਿੱਤਾ ਕਿ ਛੋਟੀਆਂ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਥਾਨਕ ਪੱਧਰ ਦੇ ਲੋਕ ਅੱਗੇ ਆਉਣ।ਸੰਤ ਸੀਚੇਵਾਲ ਨੇ 1974 ਦਾ ਵਾਟਰ ਐਕਟ ਇੰਨ-ਬਿੰਨ ਲਾਗੂ ਕਰਨ ‘ਤੇ ਜ਼ੋਰ ਦਿੱਤਾ।
ਉਨ੍ਹਾਂ ਗੁਰਬਾਣੀ ਦੇ ਹਵਾਲੇ ਦੇ ਕੇ ਦੱਸਿਆ ਕਿ ਗੁਰਬਾਣੀ ਕਿਵੇਂ ਕੁਦਰਤ ਨਾਲ ਮਨੁੱਖ ਨੂੰ ਜੋੜੀ ਰੱਖਣ ਦਾ ਸੁਨੇਹਾ ਦਿੰਦੀ ਹੈ।ਇਸ ਦੋ ਦਿਨਾਂ ਚੱਲੀ ਚੋਪਾਲ ਦੌਰਾਨ ਵੱਖਰੇ- ਵੱਖਰੇ ਸ਼ੈਸ਼ਨਾਂ ‘ਚ ਨਦੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਦੀ ਗੰਭੀਰ ਚਰਚਾ ਕੀਤੀ ਗਈ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਕੀਤੀ ਗਈ ਕਾਰ ਸੇਵਾ ਬਾਰੇ ਬਣਾਈ ਗਈ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ ਕਿ ਕਿਵੇਂ ਪੰਜਾਬ ਦੇ ਲੋਕਾਂ ਨੇ ਇਸ ਮਰ ਚੁੱਕੀ ਵੇਈਂ ਨੂੰ ਮੁੜ ਸੁਰਜੀਤ ਕੀਤਾ ਹੈ। ਸਾਰੇ ਮਾਹਿਰਾਂ ਨੇ ਪੰਜਾਬ ਦੇ ਲੋਕਾਂ ਵੱਲੋਂ ਕੀਤੇ ਗਏ ਇਸ ਕਾਰਜ ਨੂੰ ਮਹਾਨ ਕਾਰਜ ਕਰਾਰ ਦਿੱਤਾ।ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਸ਼ੋਸਲ ਮੀਡੀਆ ਦੀ ਵੀ ਭੂਮਿਕਾ ਅਹਿਮ ਹੋ ਗਈ ਹੈ ਜਿਹੜੀਆਂ ਖਬਰਾਂ ਅਖਬਾਰਾਂ ਵਿੱਚ ਨਹੀਂ ਲੱਗਦੀਆਂ ਉਹ ਕਈ ਵਾਰ ਸ਼ੋਸਲ ਮੀਡੀਆ ਤੇ ਇੰਨ੍ਹੀ ਚਰਚਾ ‘ਚ ਆ ਜਾਂਦੀਆ ਹਨ ਤੇ ਅਖਬਾਰਾਂ ਨੂੰ ਉਹ ਖਬਰਾਂ ਬਣਾਉਂਣੀਆਂ ਪੈਂਦੀਆ ਹਨ।
ਇਹ ਤੀਜੀ ਚੌਪਾਲ ਸੀ । ਪਹਿਲਾਂ ਦੋ ਸਮਾਗਮ ਭੋਪਾਲ ‘ਚ ਕੀਤੇ ਗਏ ਸਨ ਤੇ ਤੀਜੀ ਚੌਪਾਲ ਨਵੀਂ ਦਿੱਲੀ ‘ਚ ਕੀਤੀ ਗਈ। ਇਸ ‘ਚ ਪਿੱਛਲੇ ਦੱਸ ਸਾਲਾਂ ਤੋਂ ਇੰਡੀਅਨ ਵਾਟਰ ਪੋਰਟਲ ਚਲਾੳਂਦੇ ਆ ਰਹੇ ਵਿਸ਼ਵਦੀਪ ਘੋਸ਼ ਨੇ ਦੱਸਿਆ ਕਿ ਉਹ ਰੋਜ਼ਾਨਾ ਪੀਣ ਵਾਲੇ ਪਾਣੀ ਬਾਰੇ ਹੀ ਰਿਪੋਟਿੰਗ ਕਰਦੇ ਆ ਰਹੇ ਹਨ ਤੇ ਮਨੁੱਖ ਦੇ ਜਿਉਣ ਲਈ ਸਭ ਤੋਂ ਜਰੂਰੀ ਪਾਣੀ ਦੀ ਲੋੜ ਨੂੰ ਗੰਭੀਰਤਾ ਨਾਲ ਉਠਾਉਂਦੇ ਆ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪੱਤਰਕਾਰ ਤੇ ਭਾਜਪਾ ਦੇ ਰਾਜ ਸਭਾ ਮੈਂਬਰ ਪ੍ਰਭਾਤ ਝਾਅ, ਜੈਦੀਪ ਕਾਰਨੀ, ਵਿਗਿਆਨੀ ਮਨੋਜ ਕੁਮਾਰ ਪਾਟਰੀਆ, ਮੀਨਾਕਸ਼ੀ ਅਰੌੜਾ, ਬੀ.ਕੇ ਸ਼੍ਰੀਵਾਸਤਵ, ਅਮਰਜੀਤ ਸਿੰਘ ਹਾਲੈਂਡ, ਅਮਰੀਕ ਸੰਧੂ, ਪਾਲ ਸਿੰਘ ਅਤੇ ਇਸ ਚੌਪਾਲ ‘ਚ ਵੈਬ ,ਟਵੀਟਰ,ਫੇਸਬੁਕ ਵੱਟਸਅੱਪ ਤੇ ਹੋਰ ਇੰਟਰਨੈਟ ਅਤੇ ਟੀ.ਵੀ ਚੈਨਲਾਂ ਨਾਲ ਜੁੜੇ ਪੱਤਰਕਾਰ ਹਾਜ਼ਰ ਸਨ।