ਵਿਸ਼ਵ ਵਾਤਾਵਰਣ ਦਿਵਸ: ਬਾਬੇ ਨਾਨਕ ਦੀ ਨਗਰੀ ਸਮੇਤ ਪੰਜਾਂ ਪਿੰਡਾਂ ਵਿੱਚ ਲਗਾਏ ਬੂਟੇ ਸੰਤ ਸੀਚੇਵਾਲ ਵੱਲੋਂ ਬਰਸਾਤੀ ਮੌਸਮ ਵਿੱਚ ਪੰਜਾਬ ਨੂੰ ਹਰਿਆ-ਭਰਿਆ ਕਰਨ ਦਾ ਸੱਦਾ ਸੁਲਤਾਨਪੁਰ ਲੋਧੀ 5 ਜੂਨ ਵਿਸ਼ਵ ਵਾਤਾਵਰਣ ਦਿਵਸ ਮੌਕੇ ਅੱਜ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਪੰਜਾਂ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।ਇਸ ਮੁਹਿੰਮ ਵਿੱਚ ਸ਼ਾਮਿਲ ਹੁੰਦਿਆਂ ਸੰਤ ਅਵਤਾਰ ਸਿੰਘ ਯਾਦਗਾਰੀ ਮਹਾਂਵਿਦਿਆਲਾ ਸੀਚੇਵਾਲ ਦੇ ਵਿਦਿਆਰਥੀਆਂ ਵਲੋਂ ਆਪੋ ਆਪਣੇ ਪਿੰਡਾਂ ਵਿੱਚ ਬੂਟੇ ਲਗਾਏ ਗਏ। ਇੰਨ੍ਹਾਂ ਪਿੰਡਾਂ ਵਿੱਚ ਵਾਤਾਵਰਣ ਦਿਵਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆ ਹਰ ਪਿੰਡ ਵਿੱਚ 400 ਬੂਟੇ ਲਗਾਏ ਜਾਣਗੇ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਸੰਗਤਾਂ ਦੇ ਸਹਿਯੋਗ ਨਾਲ ਸਾਫ ਕੀਤੀ 165 ਕਿਲੋਮੀਟਰ ਪਵਿੱਤਰ ਵੇਈ ਕਿਨਾਰੇ ਸੁਲਤਾਨਪੁਰ ਲੋਧੀ ਵਿਖੇ ਬੂਟੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ। ਸੇਵਾਦਾਰਾਂ ਵਲੋਂ ਜਿਹੜੇ ਪਿੰਡਾਂ ਵਿੱਚ ਬੂਟੇ ਲਗਾਏ ਉਨ੍ਹਾਂ ਵਿੱਚ ਤਲਵੰਡੀ ਮਾਧੋ, ਸੀਚੇਵਾਲ, ਸ਼ੇਰਪੁਰ ਦੋਨਾ, ਅਹਿਮਦਪੁਰ ਤੇ ਸੁਲਤਾਨਪੁਰ ਲੋਧੀ ਸ਼ਾਮਿਲ ਹਨ। ਸੰਤ ਸੀਚੇਵਾਲ ਨੇ ਸੱਦਾ ਦਿੱਤਾ ਕਿ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਪੰਜਾਬ ਨੂੰ ਹਰਿਆ-ਭਰਿਆ ਕਰਨ ਲਈ ਵੱਡੀ ਪੱਧਰ `ਤੇ ਬੂਟੇ ਲਗਾਏ ਜਾਣ।ਉਨ੍ਹਾਂ ਕਿਹਾ ਸੀਚੇਵਾਲ ਨਰਸਰੀ ਵਿੱਚ ਸੰਗਤਾਂ ਨੂੰ ਮੁਫਤ ਬੂਟੇ ਦਿੱਤੇ ਜਾ ਰਹੇ ਹਨ।ਉਨ੍ਹਾ ਕਿਹਾ ਕਿ ਇਲਾਕੇ ਦੇ ਸਾਰੇ ਪਿੰਡਾਂ ਅਤੇ ਸਾਂਝੀਆਂ ਥਾਵਾਂ `ਤੇ ਬੂਟੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬੋ ਹਵਾ ਤੇ ਪਾਣੀਆਂ ਨੂੰ ਗੰਧਲੇ ਕਰ ਲਿਆ ਹੈ ਤੇ ਧਰਤੀ ਨੂੰ ਜ਼ਹਿਰੀਲੀ ਬਣਾ ਦਿੱਤਾ ਹੈ।ਇਸ ਸੰਕਟ ਵਿੱਚੋਂ ਨਿਕਲਣ ਲਈ ਸਾਂਝੇ ਤੌਰ `ਤੇ ਹੰਭਲਾ ਮਾਰਨ ਦੀ ਲੋੜ ਹੈ।ਪਾਣੀ ਨੂੰ ਧਰਤੀ ਹੇਠਾਂ ਰੀਚਾਰਜ ਕੀਤਾ ਜਾਵੇ ਤੇ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਹੋਣ ਤੋਂ ਬਚਾਇਆ ਜਾਵੇ। ਸੰਤ ਸੀਚੇਵਾਲ ਦੀ ਅਗਵਾਈ ਹੇਠ ਪਹਿਲਾਂ ਵੀ ਲਗਾਏ ਜਾ ਰਹੇ ਬੂਟਿਆਂ ਦੀ ਸੇਵਾ ਸੰਭਾਲ ਵੀ ਸੇਵਾਦਾਰਾਂ ਵੱਲੋਂ ਕੀਤੀ ਜਾਂਦੀ ਹੈ।ਇਹ ਬੂਟੇ ਹੁਣ ਆਪਣੇ ਜ਼ੋਬਨ ਰੁੱਤ `ਤੇ ਆਏ ਹੋਏ ਹਨ।ਸੁਲਤਾਨਪੁਰ ਲੋਧੀ ਤੇ ਸੀਚੇਵਾਲ ਇਲਾਕੇ ਵਿੱਚ ਜਿੰਨੀਆਂ ਵੀ ਸੜਕਾਂ ਹਨ ਉਹ ਠੰਡੀਆਂ ਸੁਰੰਗਾਂ ਵਿੱਚ ਤਬਦੀਲ ਹੋ ਚੁੱਕੀਆਂ ਹਨ।ਹਰ ਪਿੰਡ ਹਰਿਆਂ ਭਰਿਆ ਦਿਖਾਈ ਦੇ ਰਿਹਾ ਹੈ। ਸੰਤ ਸੀਚੇਵਾਲ ਪਿਛਲੇ 21 ਸਾਲਾਂ ਤੋਂ ਲਗਾਤਾਰ ਇਲਾਕੇ ਵਿੱਚ ਬੂਟੇ ਲਗਾ ਰਹੇ ਹਨ।ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਸੀਚੇਵਾਲ ਤੋਂ ਪੰਜਾਬ ਭਰ ਵਿੱਚ ਵਿਰਾਸਤੀ ਬੂਟੇ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ।ਸਮੇਂ ਅਨੁਸਾਰ ਸੰਗਤਾਂ ਦੀ ਸਹੂਲਤ ਲਈ "ਰੁੱਖ" ਨਾਮ ਦੀ ਐਪ ਵੀ 550 ਸਾਲਾ ਪ੍ਰਕਾਸ਼ ਪੁਰਬ ਦੌਰਾਨ ਜਾਰੀ ਕੀਤੀ ਗਈ ਸੀ।ਜਿਸ ਰਾਹੀਂ ਸੰਗਤਾਂ ਆਪਣੇ ਬੂਟੇ ਬੁੱਕ ਕਰਵਾ ਸਕਦੀਆਂ ਹਨ।ਇਸ ਐਪ ਰਾਹੀ ਬੂਟਿਆ ਦੀ ਸੰਭਾਲ ਕਿੰਨੀ ਕੁ ਸੰਜੀਦਗੀ ਨਾਲ ਲੋਕ ਕਰ ਰਹੇ ਹਨ ਉਨ੍ਹਾਂ ਦਾ ਵੀ ਰਿਕਾਰਡ ਰੱਖਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਮਨੁੱਖ ਨੇ ਕਾਦਰ ਦੀ ਕੁਦਰਤ ਦਾ ਵੱਡੇ ਪੱਧਰ `ਤੇ ਵਿਨਾਸ਼ ਕੀਤਾ ਹੈ।ਕਈ ਤਰਾਂ ਦੇ ਜਲਚਰ ਜੀਵ, ਪੰਛੀ, ਪਸ਼ੂ, ਵਨਸਪਤੀ ਦੀਆਂ ਅਨੇਕਾਂ ਹੀ ਕਿਸਮਾਂ ਇਸ ਧਰਤੀ ਤੋਂ ਜਲਵਾਯੂ ਤਬਦੀਲੀ ਕਾਰਨ ਅਲੋਪ ਹੋ ਚੁੱਕੀਆਂ ਹਨ।ਇਸ ਛੇੜ ਛਾੜ ਕਾਰਨ ਮਨੁੱਖ ਭਿਆਨਕ ਬਿਮਾਰੀਆਂ ਨਾਲ ਮਰ ਰਿਹਾ ਹੈ।ਹੁਣ ਕਰੋਨਾ ਮਹਾਂਮਾਰੀ ਦੀ ਜਕੜ ਵਿੱਚ ਆ ਸਾਰੀ ਮਨੁੱਖਤਾ ਵਿੱਚ ਤਰਥਲੀ ਮੱਚ ਗਈ ਹੈ।ਇਸ ਭਿਆਨਕ ਦੌਰ ਤੇ ਆਲਮੀ ਤਪਸ਼ ਤੋੰ ਬਚਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਲੋਕ ਹੀ ਪੂਰੀ ਤਰ੍ਹਾਂ ਸਮਰੱਥ ਹੈ।




