ਸੰਤ ਸੀਚੇਵਾਲ ਵੱਲੋਂ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਦੀ ਅਪੀਲ
ਹਰੀ ਦੀਵਾਲੀ ਮਨਾਉਣ ਦਾ ਸੱਦਾ- ਪਰਾਲੀ ਨੂੰ ਅੱਗ ਨਾ ਲਾਉਣ ਦਾ ਦਿੱਤਾ ਹੋਕਾ
ਸੁਲਤਾਨਪੁਰ ਲੋਧੀ ੧੪ ਅਕਤੂਬਰ
ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੀਵਾਲੀ ਮੌਕੇ ਪਟਾਕੇ ਚਲਾਉਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਹਰੀ ਦੀਵਾਲੀ ਮਨਾਉਂਣ ਦਾ ਸੱਦਾ ਦਿੰਦਿਆ ਕਿਹਾ ਕਿ ਪਟਾਕੇ ਚਲਾਉਣ ਨਾਲ ਹਵਾ 'ਚ ਬੜਾ ਜ਼ਹਿਰੀਲਾ ਧੂੰਆ ਫੈਲ ਜਾਂਦਾ ਹੈ ਜਿਸ ਨਾਲ ਸਾਹ ਲੈਣ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਸਮੇਂ ਦੀ ਮੁੱਖ ਲੋੜ ਹੈ।ਸੰਤ ਸੀਚੇਵਾਲ ਨੇ ਕਿਹਾ ਕਿ ਦੀਵਾਲੀ ਦੀਵੇ ਬਾਲਣ ਦਾ ਤਿਉਹਾਰ ਹੈ, ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ ਇਸ ਮੌਕੇ ਪਟਾਕੇ ਚਲਾਅ ਕੇ ਹਵਾ ਅਤੇ ਅਵਾਜ਼ ਦਾ ਪ੍ਰਦੂਸ਼ਣ ਪੈਦਾ ਨਹੀਂ ਕਰਨਾ ਚਾਹੀਦਾ।ਉਨ੍ਹਾਂ ਕਿਹਾ ਕਿ ਪਟਾਕਿਆਂ ਨੂੰ ਅੱਗ ਲਗਾਉਣੀ ਅਸਲ 'ਚ ਨੋਟਾਂ ਨੂੰ ਅੱਗ ਲਗਾਉਣ ਦੇ ਬਰਾਬਰ ਹੈ।
ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੀਵਾਲੀ ਵਰਗੇ ਪਵਿੱਤਰ ਤਿਉਹਾਰ ਨੂੰ ਵਾਤਾਵਰਣ ਪੱਖੀ ਬਣਾਅ ਕੇ ਮਨਾਉਣ। ਦੋਸਤਾਂ ਮਿੱਤਰਾਂ ਤੇ ਸਕੇ ਸਬੰਧੀਆਂ ਨੂੰ ਬੂਟਿਆਂ ਦੇ ਤੋਹਫੇ ਦੇ ਕੇ ਦੂਜਿਆਂ ਦੇ ਸਾਹਾਂ 'ਚ ਰੋਸ਼ਨੀਆਂ ਘੋਲਣੀਆਂ ਚਾਹੀਦੀਆ ਹਨ।ਯਾਦ ਰਹੇ ਕਿ ਪਿੱਛਲੇ ਕਈ ਸਾਲਾਂ ਤੋਂ ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ 'ਤੇ ਸਰੋਂ ਦੇ ਤੇਲ ਵਾਲੇ ਦੀਵੇ ਬਾਲ ਕੇ ਮੁੜ ਰਵਾਇਤੀ ਦੀਵਾਲੀ ਮਨਾਉਣ ਦੀ ਪਿਰਤ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਇਲਾਕੇ ਦੇ ਲੋਕਾਂ ਨੇ ਤੱਗੜਾਂ ਹੁੰਗਾਰਾ ਭਰਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਕੱਲ ਪੰਜਾਬ 'ਚ ਥਾਂ-ਥਾਂ ਝੋਨੇ ਦੀ ਪਰਾਲੀ ਨੂੰ ਲਾਈਆਂ ਜਾ ਰਹੀਆਂ ਅੱਗਾਂ ਨਾਲ ਹਵਾ ਦੂਸ਼ਿਤ ਹੁੰਦੀ ਜਾ ਰਹੀ ਹੈ।ਧੂੰਏ ਨਾਲ ਕਈ ਵਾਰ ਵੱਡੇ ਹਾਦਸੇ ਵੀ ਵਾਪਰ ਚੁੱਕੇ ਹਨ।ਸੰਤ ਸੀਚੇਵਾਲ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।ਕਿਸਾਨਾਂ ਦੇ ਮਿੱਤਰ ਕੀੜੇ ਮਰ ਜਾਂਦੇ ਹਨ।ਉਨ੍ਹਾਂ ਕਿਹਾ ਹਰ ਪਾਸੇ ਪਰਾਲੀ ਦੇ ਖੇਤਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਬਜਾਏ ਪਰਾਲੀ ਨੂੰ ਅੱਗ ਲਗਾਉਣ ਦੇ ਸਗੋਂ ਇਸ ਨੂੰ ਵੇਚ ਕੇ ਕਮਾਈ ਕਰਨ ਜਾਂ ਉਸ ਨੂੰ ਆਪਣੀ ਜ਼ਮੀਨ ਵਿੱਚ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ। ਇੰਨ੍ਹੀ ਦਿਨੀ ਸੰਤ ਸੀਚੇਵਾਲ ਆਪ ਕਈ ਵਾਰ ਖੇਤਾਂ 'ਚ ਪਰਾਲੀ ਨੂੰ ਲਾਈਆਂ ਅੱਗਾਂ ਬਝਾਉਣ 'ਚ ਲੱਗੇ ਰਹਿੰਦੇ ਹਨ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।