ਬਾਬੇ ਨਾਨਕ ਦੀ ਨਗਰੀ 'ਚ 'ਸ਼ਵੱਛ ਭਾਰਤ' ਦੀ ਮਹੁੰਮ
ਸੰਤ ਸੀਚੇਵਾਲ ਵੱਲੋਂ ਰੇਲਵੇ ਸ਼ਟੇਸ਼ਨ 'ਤੇ ੫ ਪਖਾਨੇ ਤੇ ੨ ਬਾਥਰੂਮ ਬਣਾਉਣ ਦੀ ਸ਼ੁਰੂਆਤ
ਸੁਲਤਾਨਪੁਰ ਲੋਧੀ ੨੮ ਅਕਤੂਬਰ
ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇ ਨਜ਼ਰ ਸੁਲਤਾਨਪੁਰ ਲੋਧੀ ਨਗਰੀ ਨੂੰ ਸਾਫ ਸੁਥਰਾ ਰੱਖਣ ਦੀ ਮਹੁੰਮ ਸ਼ੁਰੂਆਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਥੋਂ ਦੇ ਰੇਲਵੇ ਸ਼ਟੇਸ਼ਨ 'ਤੇ ੫ ਪੱਕੇ ਪਖਾਨੇ ਅਤੇ ਦੋ ਬਾਥਰੂਮ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸ਼ਵੱਛ ਭਾਰਤ ਮਹੁੰਮ ਦੀ ਸਲਾਂਘਾ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਪਿੱਛਲੇ ੧੪ ਸਾਲਾਂ ਤੋਂ ਇਲਾਕੇ ਦੀਆਂ ਸੰਗਤਾਂ ਆਪਣੇ ਹੱਥਾਂ 'ਚ ਜਿੱਥੇ ਝਾੜੂ ਫੜਕੇ ਸਫਾਈ ਕਰਦੀਆਂ ਆ ਰਹੀਆਂ ਹਨ ਉਥੇ ਪਵਿੱਤਰ ਵੇਈਂ ਦੀ ਸਫਾਈ ਮਹੁੰਮ 'ਚ ਵੀ ਹਿੱਸਾ ਲੈਂਦੀਆਂ ਆ ਰਹੀਆ ਹਨ।ਉਨ੍ਹਾਂ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸ਼ਵੱਛ ਭਾਰਤ ਦੀ ਮਹੁੰਮ ਦੇਸ਼ ਲਈ ਸ਼ੁਭ ਸ਼ਗਨ ਹੈ।ਦੇਸ਼ ਸਾਫ ਸੁਥਰਾ ਹੋਵੇਗਾ ਤੇ ਲੋਕ ਵੀ ਤੰਦਰੁਸਤ ਰਹਿਣਗੇ।
ਰੇਲਵੇ ਸ਼ਟੇਸ਼ਨ 'ਤੇ ਪਖਾਨੇ ਬਣਾਉਣ ਸਬੰਧੀ ਸੰਤ ਸੀਚੇਵਾਲ ਵੱਲੋਂ ਸੱਦੀ ਗਈ ਇੱਕ ਮੀਟਿੰਗ 'ਚ ਚੱਕਚੇਲਾ ਦੇ ਰਹਿਣ ਵਾਲੇ ਸ੍ਰ ਸੋਹਣ ਸਿੰਘ ਸ਼ਾਹ ਨੇ ਇਸ ਦਾ ਸਾਰਾ ਖਰਚਾ ਚੁੱਕਣ ਦੀ ਜੁੰਮੇਵਾਰੀ ਲੈਂਦਿਆ ਕਿਹਾ ਕਿ ਉਹ ਪਾਖਨੇ ਬਣਾਉਣ ਲਈ ਆਉਣ ਵਾਲੇ ਸਾਰੇ ਖਰਚੇ ਦੇ ਨਾਲ-ਨਾਲ ਇਸ ਦੀ ਸਫਾਈ ਦਾ ਵੀ ਪੱਕਾ ਪ੍ਰਬੰਧ ਕਰਨਗੇ।ਸੰਤ ਸੀਚੇਵਾਲ ਜੀ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀ ਮੀਟਿੰਗ ਸੱਦੀ ਹੋਈ ਜਿਸ 'ਚ ਸੁਲਤਾਨਪੁਰ ਲੋਧੀ ਵਿੱਚ ਵੱਧ ਤੋਂ ਵੱਧ ਜਨਤਕ ਪਖਾਨੇ ਬਣਾਉਣ ਦੀ ਅਪੀਲ ਕੀਤੀ ਸੀ।
ਰੇਲਵੇ ਸ਼ਟੇਸ਼ਨ 'ਤੇ ਪਖਾਨੇ ਬਣਾਉਣ ਦੀ ਸ਼ੁਰੂਆਤ ਕਰਨ ਤੋਂ ਬਾਆਦ ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਨਗਰੀ ਐਲਾਨਿਆਂ ਹੋਇਆ ਹੈ ਪਰ ਅਜੇ ਤੱਕ ਬਹੁਤ ਸਾਰਾ ਕੰਮ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮਸਿਆ ਜਨਤਕ ਪਖਾਨਿਆ ਦੀ ਬੜੀ ਘਾਟ ਹੈ।ਉਨ੍ਹਾ ਦੱਸਿਆ ਕਿ ਡੀ.ਐਮ.ਯੂ.ਰੇਲ ਗੱਡੀਆਂ 'ਚ ਬਾਥਰੂਮ ਨਾ ਹੋਣ ਕਾਰਨ ਰੇਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਰੇਲਵੇ ਸ਼ਟੇਸ਼ਨ ਮਾਸਟਰ ਮੋਹਨ ਲਾਲ ਨੇ ਇਸ ਮੌਕੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਸ਼ਟੇਸ਼ਨ 'ਤੇ ਪਾਖਨਿਆਂ ਦੀ ਬੜੀ ਜਰੂਰਤ ਸੀ।ਸ਼ਟੇਸ਼ਨ 'ਤੇ ਪਹਿਲਾ ਬਣੇ ਪਖਾਨੇ ਯਾਤਰੀਆਂ ਲਈ ਥੋੜ੍ਹੇ ਸਨ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਨਗਰੀ ਹੋਣ ਕਾਰਨ ਸੰਗਤਾਂ ਮੱਸਿਆ, ਸੰਗਰਾਂਦ ਤੇ ਗੁਰਪੁਰਬ ਮੌਕੇ ਵੱਡੀ ਗਿਣਤੀ 'ਚ ਆਉਂਦੀਆਂ ਹਨ।
ਇਸ ਤੋਂ ਪਹਿਲਾ ਵੀ ਸੰਤ ਸੀਚੇਵਾਲ ਰੇਲਵੇ ਸ਼ੇਟਸ਼ਨ ਨੂੰ ਸੁੰਦਰ ਬਣਾਉਣ ਲਈ ਇਸ ਦੇ ਆਲੇ ਦੁਆਲੇ ਵੱਡੀ ਪੱਧਰ 'ਤੇ ਰੁੱਖ ਲਗਵਾ ਚੁੱਕੇ ਹਨ।ਪਖਾਨੇ ਬਣਾਉਣ ਦੇ ਨਾਲ ਨਾਲ ਰੇਲਵੇ ਸ਼ਟੇਸ਼ਨ ਦੀ ਸਾਫ ਸਫਾਈ ਲਈ ਵੀ ਸੇਵਾਦਾਰ ਲਗਾਤਾਰ ਜੁਟੇ ਹੋਏ ਹਨ।
ਇਸ ਮੌਕੇ ਬਲਾਕ ਸਮੰਤੀ ਮੈਂਬਰ ਜਸਪਾਲ ਸਿੰਘ, ਐਨ.ਆਰ.ਆਈ ਜਸਵਿੰਦਰ ਸਿੰਘ ਕਾਲਾ, ਮਨਜੀਤ ਸਿੰਘ ਭੋਗਲ , ਅਮਰਜੀਤ ਸਿੰਘ ਹਾਲੈਂਡ, ਅਮਰੀਕ ਸਿੰਘ ਸੰਧੂ, ਗੁਰਵਿੰਦਰ ਸਿੰਘ ਬੋਪਾਰਾਏ,ਯੱਗਦੱਤ ਸ਼ਰਮਾ, ਪਰਮਜੀਤ ਸਿੰਘ ਬੱਲ, ਜੱਸਾ ਰਸੂਲਪੁਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।